Warriors of Faith

Katha Anoop Kaur from Charitropakhyaanਚਰਿਤਰੋਪਾਖਿਆਨ ਦੀ ਅਨੂਪ ਕੌਰ
(ਅਸਲ ਕਹਾਣੀ, ਅਸਲ ਸੰਦੇਸ਼)    ਸ਼੍ਰੀ ਦਸਮ ਗ੍ਰੰਥ ਵਿਚ ਅੰਕਿਤ ਨਾਰੀ-ਪੁਰਖ ਚਰਿਤ੍ਰ ਕਥਾਵਾਂ ਦੇ ਸੰਗ੍ਰਹਿ ‘ਚਰਿਤਰੋਪਾਖਿਆਨ’ ਦਾ 21ਵਾਂ ਚਰਿਤ੍ਰ ਨਾ ਕੇਵਲ ਦਸਮ ਗ੍ਰੰਥ ਦੇ ਵਿਰੋਧੀਆਂ ਲਈ ਵਿਵਾਦਿਤ ਹੈ, ਬਲਕਿ ਹਿਮਾਇਤੀਆਂ ਵਿਚ ਵੀ ਵਿਵਾਦ ਦਾ ਮੁਦਾ ਬਣਿਆ ਹੋਇਆ ਹੈ, ਹਾਲਾਕਿ ਵਿਵਾਦ ਦੇ ਮੁਦੇ ਭਿੰਨ-ਭਿੰਨ ਹਨ। ਸ਼੍ਰੀ ਦਸਮ ਗ੍ਰੰਥ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਕਥਾ ਵਿਚ ਦਸਮ ਗ੍ਰੰਥ ਦੇ ਕਰਤਾ ਨੇ ਕਾਮੁਕ ਅਸ਼ਲੀਲਤਾ ਅਤੇ ਅਪਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕਰ ਕੇ ਉਨ੍ਹਾਂ ਦੇ ਵਿਅਕਤਿਤ੍ਵ ਨੂੰ ਜਾਣ-ਬੁਝ ਕੇ ਛੁਟਿਆਇਆ ਹੈ, ਇਸ ਕਾਰਨ ਸ਼੍ਰੀ ਗੁਰੂ ਜੀ ਨੂੰ ਇਨ੍ਹਾਂ ਕਥਾਵਾਂ ਦਾ ਕਰਤਾ ਨਹੀਂ ਕਿਹਾ ਜਾ ਸਕਦਾ। ਹਿਮਾਇਤੀਆਂ ਦਾ ਇਕ ਵਰਗ ਇਸ ਕਥਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੋਣ ਤੋਂ ਇਨਕਾਰੀ ਹੈ। ਉਸ ਦਾ ਮੁਖ ਤਰਕ ਇਹ ਹੈ ਕਿ ਇਸ ਕਥਾ ਵਿਚ ਕਿਤੇ ਵੀ ਸ਼੍ਰੀ ਗੁਰੂ ਜੀ ਦਾ ਨਾਮ ਨਹੀਂ ਆਇਆ, ਇਸ ਲਈ ਇਸ ਚਰਿਤ੍ਰ ਦੀ ਕਹਾਣੀ ਨਾਲ ਸ਼੍ਰੀ ਗੁਰੂ ਜੀ ਦਾ ਆਪਣਾ ਕੋਈ ਨਿਜੀ ਸੰਬੰਧ ਨਹੀਂ। ਹਾਂ ! ਇਸ ਕਥਾ-ਸੰਗ੍ਰਹਿ ਦੇ ਰਚਣਹਾਰ ਜ਼ਰੂਰ ਸ਼੍ਰੀ ਗੁਰੂ ਜੀ ਹਨ। ਹਿਮਾਇਤੀਆਂ ਦਾ ਦੂਜਾ ਵਰਗ ਮੰਨਦਾ ਹੈ ਕਿ ਨਾ ਕੇਵਲ ਸਾਰੀਆਂ ਚਰਿਤ੍ਰ ਕਥਾਵਾਂ ਸ਼੍ਰੀ ਗੁਰੂ ਜੀ ਦੁਆਰਾ ਰਚਿਤ ਹਨ, ਬਲਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਰਚਿਤ ਕਥਾ ਦੇ ਇਕ ਪ੍ਰਮੁਖ ਪਾਤਰ ਵੀ ਹਨ ਅਤੇ ਇਸ ਕਥਾ ਵਿਚ ਕੁਝ ਵੀ ਅਜਿਹਾ ਨਹੀਂ, ਜੋ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਅਪਮਾਨਜਨਕ ਹੋਵੇ। ਵਿਰੋਧੀ ਪਖ ਅਤੇ ਹਿਮਾਇਤੀਆਂ ਦੇ ਦੂਜੇ ਵਰਗ ਵਿਚ ਇਹ ਸਹਿਮਤੀ ਹੈ ਕਿ ਇਸ ਕਥਾ ਨੂੰ ਸ਼੍ਰੀ ਗੁਰੂ ਜੀ ਨਾਲ ਸੰਬੰਧਿਤ ਕੀਤਾ ਗਿਆ ਹੈ, ਪਰ ਵਿਰੋਧੀ ਪਖ ਜਿਵੇਂ ਤਥਾਂ ਨੂੰ ਤਰੋੜ-ਮੋੜ ਕੇ ਸ਼੍ਰੀ ਗੁਰੂ ਜੀ ਵਾਸਤੇ ਅਪਮਾਨਜਨਕ ਸਥਿਤੀ ਨਿਰਮਿਤ ਕਰਦਾ ਹੈ, ਉਸ ਨਾਲ ਹਿਮਾਇਤੀਆਂ ਦਾ ਦੂਜਾ ਵਰਗ ਬਿਲਕੁਲ ਸਹਿਮਤ ਨਹੀਂ, ਉਸ ਨੂੰ ਇਹ ਕਥਾ ਗੁਰੂ ਵਾਸਤੇ ਬਹੁਤ ਗੌਰਵਸ਼ਾਲੀ ਲਗਦੀ ਹੈ। ਹਿਮਾਇਤੀਆਂ ਦਾ ਉਹ ਵਰਗ ਜਿਹੜਾ ਗੁਰੂ ਜੀ ਨੂੰ ਕਥਾ ਨਾਲੋਂ ਅਸੰਬੰਧਿਤ ਕਰਦਾ ਹੈ, ਉਸ ਦਾ ਬਲਹੀਣ ਵਿਚਾਰ ਵੀ ਕਿਤੇ ਨਾ ਕਿਤੇ ਇਹੋ ਸਵੀਕਾਰ ਕਰੀ ਬੈਠਾ ਹੈ ਕਿ ਜੇ ਇਸ ਨੂੰ ਸ਼੍ਰੀ ਗੁਰੂ ਜੀ ਨਾਲ ਸੰਬੰਧਿਤ ਕੀਤਾ, ਤਾਂ ਗੁਰੂ ਜੀ ਅਪਮਾਨਜਨਕ ਸਥਿਤੀ ਵਿਚ ਫਸ ਸਕਦੇ ਹਨ। ਅਸੀਂ ਇਸ ਲੇਖ ਵਿਚ ਕਥਾ ਦੇ ਆਧਾਰ ਤੇ ਸਮੁਚੀ ਸਥਿਤੀ ਦੀ ਪੁਨਰ-ਸਮੀਖਿਆ ਕਰਨੀ ਹੈ। ਸਾਡੇ ਵਿਚਾਰ-ਮੰਥਨ ਦੋ ਹੀ ਬਿੰਦੂਆਂ ਉਤੇ ਕੇਂਦ੍ਰਿਤ ਰਹੇਗਾ। ਇਕ ਇਹ ਕਿ ਇਸ ਕਥਾ ਦੇ ਪਾਤਰ ਸ਼੍ਰੀ ਗੁਰੂ ਜੀ ਹਨ ਜਾਂ ਨਹੀਂ। ਦੂਜਾ ਇਹ ਕਿ ਕੀ ਇਹ ਕਥਾ ਸ਼੍ਰੀ ਗੁਰੂ ਜੀ ਵਾਸਤੇ ਗੌਰਵਸ਼ਾਲੀ ਹੈ ਜਾਂ ਅਪਮਾਨ ਜਨਕ ? ਪਹਿਲੇ ਪ੍ਰਸ਼ਨ ਦੇ ਹਲ ਵਾਸਤੇ ਕਥਾ ਵਿਚ ਦਰਸਾਏ ਨਾਂਵਾਂ, ਥਾਂਵਾਂ ਅਤੇ ਪ੍ਰਸਥਿਤੀਆਂ ਦਾ ਵਿਸ਼ਲੇਸ਼ਣ ਜਾਂ ਕੋਈ ਇਤਿਹਾਸਿਕ ਮਨੌਤ ਸਾਨੂੰ ਕਿਸੇ ਨਤੀਜੇ ਤੇ ਪਹੁੰਚਾ ਸਕਦੇ ਹਨ-


1.ਇਸ ਕਥਾ ਵਿਚ ਸਥਾਨ ਦੇ ਨਾਮ ਅਤੇ ਉਸ ਦੀ ਸਥਿਤੀ ਦਾ ਵਰਣਨ ਕਰਦਿਆਂ ਲਿਖਿਆ ਹੈ-
ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ।
ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ।
(ਅਰਥਾਤ ਸਤਲੁਜ ਨਦੀ ਦੇ ਕਿਨਾਰੇ ਆਨੰਦ ਪੁਰ ਨਾਮ ਦਾ ਇਕ ਪਿੰਡ ਸੀ, ਜੋ ਕਹਿਲੂਰ ਰਿਆਸਤ ਦੇ ਖੇਤਰ ਵਿਚ ਨੈਣਾਂ ਦੇਵੀ ਦੇ ਨੇੜੇ ਸੀ)। ਇਹ ਉਲੇਖ ਇਤਨਾ ਸਪਸ਼ਟ ਹੈ, ਜੋ ਸੰਦੇਹ ਨਹੀਂ ਰਹਿਣ ਦੇਂਦਾ ਕਿ ਕਥਾ ਵਿਚ ਵਰਣਿਤ ‘ਆਨੰਦਪੁਰ’ਖ਼ਾਲਸੇ ਦੀ ਜਨਮ-ਭੂਮੀ ਤੋੰ ਭਿੰਨ ਕੋਈ ਹੋਰ ਦੂਜਾ ‘ਆਨੰਦਪੁਰ’ ਬਿਲਕੁਲ ਨਹੀਂ। ਗੁਰੂ ਤੇਗ਼ ਬਹਾਦੁਰ ਜੀ ਦੇ ਵਸਾਉਣ ਤੋਂ ਪਹਿਲਾਂ ਇਸ ਦਾ ਪੁਰਾਤਨ ਨਾਮ ‘ਮਾਖੋਵਾਲ’ ਸੀ। ਸੋ ਇਹ ਵੀ ਸਪਸ਼ਟ ਹੋ ਗਿਆ ਕਿ ਘਟਨਾ ਗੁਰੂ ਤੇਗ਼ ਬਹਾਦਰ ਜੀ ਦੇ ਆਨੰਦਪੁਰ ਵਸਾਉਣ ਤੋਂ ਪਿਛੇ ਨਹੀਂ ਜਾ ਸਕਦੀ, ਕਿਉਂਕਿ ਨੌਵੇਂ ਗੁਰੂ ਜੀ ਤੋਂ ਪਹਿਲਾਂ ਆਨੰਦਪੁਰ ਨਾਮ ਦੀ ਅਣਹੋਂਦ ਸੀ। ਇਸ ਕਥਾ ਦੇ ਕਾਲ ਨੂੰ 1696 ਈ. ਵਿਚ ਚਰਿਤ੍ਰ ਕਥਾਵਾਂ ਦੀ ਸੰਪੂਰਨਤਾ ਤੋਂ ਬਾਅਦ ਵੀ ਨਹੀਂ ਮੰਨਿਆ ਜਾ ਸਕਦਾ। ਸੋ ਇਹ ਸਥਿਤੀ ਇਸ ਕਥਾ ਦਾ ਕਾਲ ਨੌਵੇਂ ਅਤੇ ਦਸਵੇਂ ਪਾਤਸ਼ਾਹ ਤਕ ਸੀਮਿਤ ਕਰ ਦੇਂਦੀ ਹੈ।

2.ਕਥਾ ਵਿਚ ਅਗਲਾ ਮਹਤਵਪੂਰਨ ਉਲੇਖ ਇਹ ਮਿਲਦਾ ਹੈ ਕਿ ਘਟਨਾ ਸਮੇਂ ਇਹ ਆਨੰਦਪੁਰ ਸਿਖ ਪੰਥ ਦੀਆਂ ਗਤੀਵਿਧੀਆਂ ਦਾ ਕੇਂਦਰ ਸੀ, ਯਥਾ-
ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ।
ਮਨ ਬਾਛਤ ਮੁਖਿ ਮਾਂਗ ਬਰ ਜਾਤ ਗ੍ਰਿਹਨ ਸੁਖ ਪਾਇ।
ਇਸ ਤੋਂ ਸਪਸ਼ਟ ਹੈ ਕਿ ਘਟਨਾ ਉਸ ਵੇਲੇ ਦੀ ਹੈ, ਜਦੋਂ ਆਨੰਦਪੁਰ ਸਿਖ ਪੰਥ ਦਾ ਕੇਂਦਰ ਸੀ। ਇਸ ਉਲੇਖ ਤੋਂ ਸਿਧ ਹੈ ਕਿ ਇਹ ਸਮਾਂ ਨੌਵੇਂ ਅਤੇ ਦਸਵੇਂ ਪਾਤਸ਼ਾਹ ਦੇ ਆਨੰਦਪੁਰ ਨਿਵਾਸ ਤੋਂ ਇਧਰ-ਉਧਰ ਨਹੀਂ ਕੀਤਾ ਜਾ ਸਕਦਾ।

3.ੳ. ਅਗਲਾ ਤਥ ਇਹ ਹੈ ਕਿ ਕਥਾ ਦਾ ਨਾਇਕ ਉਸ ਸਮੇਂ ਇਸ ਸ਼ਹਿਰ ਦਾ ਰਾਏ ਸੀ-
ਏਕ ਤ੍ਰਿਯਾ ਧਨਵੰਤ ਕੀ ਤੌਨ ਨਗਰ ਮੇਂ ਆਨਿ।
ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ ਬਾਨਿ।
ਅ.ਉਹ ਰਾਏ ਸ਼੍ਰੀ ਭਗੌਤੀ (ਅਕਾਲ ਪੁਰਖ) ਦਾ ਉਪਾਸਕ ਸੀ-
ਚਲਿਯੋ ਧਾਰਿ ਆਤੀਤ ਕੋ ਭੇਸ ਰਾਈ।
ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ।
ਦਸਮ ਗ੍ਰੰਥ ਦੇ ਪਾਠ ਤੋਂ ਸਿਧ ਹੁੰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ-ਪੁਰੁਖ ਨੂੰ ਵਾਰ-ਵਾਰ ਭਗਉਤੀ ਕਿਹਾ ਹੈ। ਗੁਰੂ-ਕਾਲ ਵਿਚ ਆਨੰਦਪੁਰ ਰਹਿਣ ਵਾਲਾ ਅਕਾਲ-ਪੁਰੁਖ ਦੇ ਇਸ ਨਾਮ ਦਾ ਉਪਾਸਕ ਰਾਜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋ ਸਕਦੇ ਹਨ ਅਤੇ ਕਥਾ ਉਨ੍ਹਾਂ ਨਾਲ ਹੀ ਸੰਬੰਧਿਤ ਹੋ ਸਕਦੀ ਹੈ।
ੲ. ਰਾਏ ਇਕ ਪੂਜਨੀਕ ਵਿਅਕਤੀ ਸੀ, ਕਿਉਂਕਿ ਅਨੂਪ ਕੌਰ ਕਹਿੰਦੀ ਹੈ-
ਭਏ ਪੂਜ ਤੋ ਕਹਾ ਗੁਮਾਨ ਨ ਕੀਜਿਯੈ।
ਧਨੀ ਭਏ ਤੋ ਦਖ੍‍ਯਨ ਨਿਧਨ ਨ ਦੀਜਿਯੈ।.
ਰਾਏ ਨੇ ਅਨੂਪ ਕੌਰ ਨੂੰ ਕਿਹਾ-
ਪਾਇ ਪਰਤ ਮੋਰੋ ਸਦਾ ਪੂਜ ਕਰਤ ਹੈਂ ਮੋਹਿ।
ਗੁਰੂ-ਕਾਲ ਵਿਚ ਆਨੰਦਪੁਰ ਸਾਹਿਬ ਵਿਖੇ ਪੂਜਯ ਵਿਅਕਤੀ ਕੇਵਲ ਗੁਰੂ ਮਹਾਰਾਜ ਸਨ, ਕੋਈ ਹੋਰ ਰਾਜਾ ਨਹੀਂ।
ਸ. ਉਸ ਆਨੰਦਪੁਰ ਦੇ ਰਾਏ ਲਈ ਧਰਮ ਸਰਬ-ਉਪਰ ਹੈ-
ਧਰਮ ਕਰੇ ਸੁਭ ਜਨਮ ਧਰਮ ਤੇ ਰੂਪਹਿ ਪੈਯੈ।
ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸੁਹੈਯੈ।
ਧਰਮ ਪ੍ਰਤੀ ਇਸ ਵਚਨਬਧਤਾ ਵਾਲਾ ਆਦਰਸ਼ਕ ਅਧਿਆਤਮਵਾਦੀ ਉਸ ਸਮੇਂ ਗੁਰੂ ਜੀ ਹੀ ਹੋ ਸਕਦੇ ਹਨ।
ਹ. ਰਾਏ ਆਪਣੀ ਪਛਾਣ ਸਪਸ਼ਟ ਕਰਦਿਆਂ ਕਹਿੰਦਾ ਹੈ-
ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ।
ਬਹੁਰਿ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ।
ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ।
ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ।
ਉਕਤ ਪੰਕਤੀਆਂ ਦਸਦੀਆਂ ਹਨ ਕਿ ਰਾਏ ਦਾ ਸੰਬੰਧ ਛਤ੍ਰੀ-ਵੰਸ਼ ਨਾਲ ਹੈ। ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਉਸ ਗੁਰੂ-ਵੰਸ਼ ਨਾਲ ਵੀ ਸੰਬੰਧਿਤ ਹੈ, ਜਿਸ ਦਾ ਪ੍ਰਚੰਡ ਪ੍ਰਤਾਪ ਸਾਰੇ ਜਗਤ ਵਿਚ ਪਸਰਿਆ ਹੈ।


ਕ. ਰਾਏ ਦਾ ਪਿਤਾ ਪੂਜਯ ਗੁਰੂ ਹੈ, ਜਿਸ ਦੇ ਪਾਸ ਦੂਰੋਂ-ਨੇੜਿਓਂ ਚਲ ਕੇ ਸੰਗਤ ਇਕਤਰ ਹੁੰਦੀ ਹੈ।
ਰਾਏ ਆਪਣੇ ਪਿਤਾ ਦੀ ਸਿਖਿਆ ਬਾਰੇ ਕਹਿੰਦਾ ਹੈ-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ।
ਮਨ ਬਾਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਹਿ।
ਸਿਖ੍‍ਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ।
ਹੋ ਕਹੋ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।


ਇਹ ਪੜ੍ਹ ਕੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਥਾ ਦਾ ਨਾਇਕ ‘ਰਾਏ’ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਭਿੰਨ ਵਿਅਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ। ਸ਼੍ਰੀ ਦਸਮ ਗ੍ਰੰਥ ਦੇ ਹਿਮਾਇਤੀ ਵਰਗ ਦੇ ਮਨ ਵਿਚ ਇਹ ਰਤਾ ਵੀ ਸਹਿਮ ਨਹੀਂ ਹੋਣਾ ਚਾਹੀਦਾ ਕਿ ਇਸ ਚਰਿਤ੍ਰ ਨਾਲ ਜੁੜਿਆਂ ਸ਼੍ਰੀ ਗੁਰੂ ਜੀ ਦੀ ਮਹਾ-ਮਹਿਮਾ ਦੀ ਰੰਚਕ-ਮਾਤ੍ਰ ਵੀ ਹਾਨੀ ਹੋ ਸਕਦੀ ਹੈ। ਸਗੋਂ ਇਹ ਚਰਿਤ੍ਰ ਸ਼੍ਰੀ ਗੁਰੂ ਜੀ ਦੇ ਮਹਾਨ ਵਿਰਾਟ ਉਚ-ਆਚਰਣ ਦੀ ਇਤਿਹਾਸਿਕ ਮਿਸਾਲ ਹੈ। ਕਥਾ ਵਿਚ ਸ਼੍ਰੀ ਕ੍ਰਿਸ਼ਨ ਅਤੇ ਗੋਪੀਆਂ ਦੀ ਲੀਲਾ ਦਾ ਉਲੇਖ ਇਹ ਵੀ ਸਿਧ ਕਰ ਦੇਂਦਾ ਹੈ ਕਿ ਦੇਵੀ-ਦੇਵਤਿਆਂ ਦੇ ਕਾਮੁਕ-ਕੇਲ ਗੁਰੂ ਜੀ ਦੇ ਦ੍ਰਿਸ਼ਟੀਕੋਣ ਅਨੁਸਾਰ ਕੋਈ ਦੈਵੀ-ਕੌਤੁਕ ਨਹੀਂ, ਨਿਰੀ ਵਾਸ਼ਨਾਵਾਂ ਦੀ ਮੈਲ ਹੈ। ਇਹ ਕਥਾ ਦਸਦੀ ਹੈ ਕਿ ਸ਼੍ਰੀ ਦਸਮ ਗ੍ਰੰਥ ਦਾ ਰਾਮ-ਸ਼ਿਆਮ (ਗੁਰੂ ਗੋਬਿੰਦ ਸਿੰਘ) ਦੁਆਪਰ ਦੇ ਸ਼ਿਆਮ ਤੋਂ ਆਚਰਣ ਵਿਚ ਕਿਤੇ ਉਤਮ ਹੈ। ਸ਼੍ਰੀ ਕ੍ਰਿਸ਼ਣ ਰਾਧਾ ਦੀ ਪ੍ਰੀਤ ਵਿਚ ਕਾਮ-ਕੇਲੀਆਂ ਲਈ ਆਤੁਰ ਹਨ, ਜਦੋਂ ਕਿ ਸਾਡਾ ਕਲਗ਼ੀਆਂ ਵਾਲਾ ਬਾਦਸ਼ਾਹ ਦਰਵੇਸ਼ ਅਨੂਪ ਕੌਰ ਦੀ ਉਪਮਾ-ਰਹਿਤ ਸੁੰਦਰਤਾ ਅਤੇ ਅਸੀਮ ਕਾਮੁਕ ਖਿਚ ਦੇ ਮਦਨ-ਜਾਲ ਨੂੰ ਆਪਣੇ ਅਨੰਤ ਆਚਾਰ-ਬਲ ਨਾਲ ਤਾਰ-ਤਾਰ ਕਰ ਦੇਣ ਦੇ ਹਰ ਤਰ੍ਹਾਂ ਸਮਰਥ ਹੈ। ਸ਼੍ਰੀ ਕ੍ਰਿਸ਼ਣ ਵਿਆਹੁਤਾ ਰਾਧਾ ਦੇ ਕਾਮ ਨੂੰ ਉਤਸਾਹਿਤ ਕਰਦੇ ਹਨ, ਜਦੋਂ ਕਿ ਕਲਿਜੁਗ ਦੇ ਸ਼ਿਆਮ ਗੁਰੂ ਗੋਬਿੰਦ ਸਿੰਘ ਅਨੂਪ ਕੌਰ ਦੀ ਪ੍ਰਚੰਡ ਕਾਮ-ਉਤੇਜਨਾ ਨੂੰ ਆਪਣੇ ਅਮ੍ਰਿਤ ਬਚਨਾਂ ਨਾਲ ਸ਼ਾਂਤ ਕਰਨ ਵਾਲੇ ਬਲਸ਼ਾਲੀ ਕਾਮ-ਸੰਹਾਰਕ ਹਨ। ਪਰਤ੍ਰਿਯ ਨਾਲ ਕਾਮੁਕ ਸੰਬੰਧ ਉਨ੍ਹਾਂ ਲਈ ਅਵਤਾਰਾਂ ਵਾਂਗ ਮਨ-ਪਰਚਾਵਾ ਨਹੀਂ, ਬਲਕਿ ਹਰ-ਹਾਲ ਵਰਜਿਤ ਕਰਮ ਹੈ। ਉਹ ਮਿਸਾਲ ਕਾਇਮ ਕਰਦੇ ਹਨ ਕਿ ਜੇ ਹਰ ਪ੍ਰਕਾਰ ਦੀ ਬੇਵਸੀ ਹੋਵੇ, ਇਜ਼ਤ-ਮਾਨ, ਸਾਮਾਜਿਕ ਰੁਤਬਾ ਵੀ ਦਾਓ ਤੇ ਲਗ ਜਾਵੇ, ਤਾਂ ਵੀ ਵਿਅਕਤੀ ਨੇ ਇਕੋ ਸਿਮਰਨ ਕਰਨਾ ਹੈ- ਪਰਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ। ਇਹ ਚਰਿਤ੍ਰ-ਕਥਾ ਮਨੁੱਖ ਨੂੰ ਸਾਵਧਾਨ ਕਰਦੀ ਹੈ ਕਿ ਇਕ ਅਧਿਆਤਮਕ ਵਿਅਕਤੀ ਕੋਲ ਇਤਨਾ ਪ੍ਰਚੰਡ ਵਿਵੇਕ ਹੋਣਾ ਚਾਹੀਦਾ ਹੈ ਕਿ ਉਹ ਕਾਮ ਦੇ ਹਰ ਛਲਾਵੇ ਨੂੰ ਛਲਣ ਦੇ ਸਮਰਥ ਹੋਵੇ। ਪੁਰਾਤਨ ਸ਼ਿਆਮ ਵਾਂਗ ਕਾਮ ਹਥੋਂ ਠਗਿਆ ਵਿਅਕਤੀ ਅਸਲ ਛਲੀਆ ਨਹੀਂ, ਅਸਲ ਛਲੀਆ ਉਹ ਹੈ, ਜੋ ਕਾਮਦੇਵ ਦੇ ਹਰ ਫ਼ਰੇਬ ਉਤੇ ਵਿਜੈ ਪਾ ਸਕੇ। ਜਿਸ ਮਨੁੱਖ ਕੋਲ ਅਜਿਹਾ ਵਿਵੇਕ-ਬਲ ਨਹੀਂ ਜਾਂ ਜੋ ਵਿਅਕਤੀ ਕਾਮਦੇਵ ਅਗੇ ਬਲ-ਬੁਧੀ ਹਾਰ ਜਾਂਦਾ ਹੈ, ਉਸ ਦੀ ਹਾਲਤ ਉਸ ਚਿਤ੍ਰ ਸਿੰਘ ਵਰਗੀ ਹੋ ਸਕਦੀ ਹੈ, ਜੋ ਕਾਮ ਵਿਚ ਅੰਨ੍ਹਾ ਹੋਇਆ ਕੁਟਿਲਾ ਕਾਮਿਣੀ ਦੀ ਮਕਾਰੀ ਦੇ ਜਾਲ ਵਿਚ ਫਸ ਕੇ ਆਪਣੇ ਆਚਾਰਵੰਤ ਪੁਤਰ ਨੂੰ ਮਾਰਨ ਵਾਸਤੇ ਤੁਲਿਆ ਹੋਇਆ ਸੀ।

   ਸ਼੍ਰੀ ਦਸਮ ਗ੍ਰੰਥ ਦੇ ਆਲੋਚਕਾਂ ਨੇ ਆਪਣੀਆਂ ਗ਼ਲਤ-ਬਿਆਨੀਆਂ ਦੁਆਰਾ ਅਨੂਪ ਕੌਰ ਵਾਲੇ ਚਰਿਤ੍ਰ ਸੰਬੰਧੀ ਬਹੁਤ ਸੰਦੇਹ ਪੈਦਾ ਕੀਤੇ ਹਨ। ਇਨ੍ਹਾਂ ਦੇ ਨਿਵਾਰਨ ਵਾਸਤੇ ਪਾਠਕਾਂ ਸਾਹਮਣੇ ਪੂਰੀ ਕਹਾਣੀ ਪ੍ਰਸਤੁਤ ਕਰਨੀ ਆਵਸ਼ਕ ਹੋ ਗਈ ਹੈ। ਮੈਂ ਇਸ ਨੂੰ ਸਾਰ ਰੂਪ ਵਿਚ ਇਸ ਤਰ੍ਹਾਂ ਬਿਆਨ ਕਰਨ ਦਾ ਯਤਨ ਕਰਾਂਗਾ ਕਿ ਇਹ ਕਾਹਣੀ ਸੰਖਿਪਿਤ ਤਾਂ ਹੋਵੇ, ਪਰ ਕਿਸੇ ਮਹਤਵਪੂਰਨ ਅੰਗ ਦੀ ਹਾਨੀ ਤੋਂ ਵੀ ਮੁਕਤ ਹੋਵੇ। ਇਹ ਕਥਾ ਜੋ ‘ਚਰਿਤਰੋਪਾਖਿਆਨ’ ਦੇ ਤਿੰਨ ਚਰਿਤ੍ਰਾਂ (21 ਤੋਂ 23) ਵਿਚ ਪਸਰੀ ਹੋਈ ਹੈ, ਦਾ ਸੰਖੇਪ ਵਿਵਰਣ ਇਸ ਪ੍ਰਕਾਰ ਹੈ-
ਕਹਿਲੂਰ ਰਿਆਸਤ ਵਿਚ ਨੈਣਾਂ ਦੇਵੀ ਦੇ ਨੇੜੇ ਸਤਲੁਜ ਨਦੀ ਕੰਢੇ ਆਨੰਦਪੁਰ ਨਾਮ ਦਾ ਇਕ ਪਿੰਡ ਸੀ। ਇਥੇ ਸਿਖ ਪੰਥ ਦੇ ਲੋਕ ਬਹੁਤ ਉਤਸਾਹ ਸਹਿਤ ਆਉਂਦੇ ਸਨ ਅਤੇ ਆਪਣੇ ਗੁਰੂ ਤੋਂ ਵਡੀਆਂ ਬਰਕਤਾਂ ਪ੍ਰਾਪਤ ਕਰ ਕੇ ਖ਼ੁਸ਼ੀ ਨਾਲ ਘਰ ਜਾਂਦੇ ਸਨ। ਇਕ ਧਨਵਾਨ ਵਿਅਕਤੀ ਦੀ ਨੂਪ (ਅਨੂਪ) ਕੌਰ ਨਾਮੀ ਇਸਤ੍ਰੀ ਆਨੰਦਪੁਰ ਦੇ ਰਾਜੇ ਉਤੇ ਮੋਹਿਤ ਹੋ ਗਈ। ਉਸ ਨੇ ਰਾਜੇ ਦੇ ਮਗਨ ਨਾਮੀ ਇਕ ਸੇਵਕ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਆਖਿਆ ਕਿ ਉਹ ਆਪਣੇ ਮਾਲਿਕ ਨੂੰ ਇਹ ਕਹਿ ਕੇ ਮੇਰੇ ਕੋਲ ਭੇਜੇ ਕਿ ਜੋ ਮੰਤ੍ਰ ਉਹ ਸਿਖਣਾ ਚਾਹੁੰਦੇ ਹਨ, ਉਹ ਮੇਰੇ ਕੋਲ ਹੈ। 


ਰਾਜਾ ਸਾਧੂ ਦਾ ਰੂਪ ਧਾਰਨ ਕਰ ਕੇ ਅਕਾਲ-ਪੁਰਖ ਦਾ ਸਿਮਰਨ ਕਰਦਾ ਹੋਇਆ ਅਨੂਪ ਕੌਰ ਦੇ ਘਰ ਪਹੁੰਚ ਗਿਆ। ਉਸ ਨੇ ਸੰਨਿਆਸੀਆਂ ਵਾਲੇ ਵਸਤ੍ਰ ਉਤਾਰ ਕੇ ਆਪਣੀ ਸਾਧਾਰਨ ਵੇਸ਼-ਭੂਸਾ ਧਾਰਨ ਕੀਤੀ। ਰਾਜੇ ਨੂੰ ਆਉਂਦਾ ਵੇਖ ਕੇ ਅਨੂਪ ਕੌਰ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਅਤੇ ਰਾਜੇ ਦੀ ਸੇਵਾ ਵਾਸਤੇ ਫੁਲ, ਪਾਨ, ਸ਼ਰਾਬ ਆਦਿ ਭੇਟ ਕੀਤੀ। ਰਾਜੇ ਵਲੋਂ ਇਨ੍ਹਾਂ ਵਸਤਾਂ ਦੇ ਸੇਵਨ ਦਾ ਕੋਈ ਉਲੇਖ ਨਹੀਂ, ਕੇਵਲ ਅਨੂਪ ਕੌਰ ਵਲੋਂ ਭੇਟ ਕੀਤੇ ਜਾਣ ਦਾ ਉਲੇਖ ਹੈ। ਅਜਿਹੇ ਕਈ ਮਿਤਰ ਸਾਡੇ ਘਰਾਂ ਵਿਚ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਅਸੀਂ ਚਾਹ ਦਾ ਕੱਪ ਭੇਟ ਕਰੀਏ, ਤਾਂ ਉਹ ਕਹਿੰਦੇ ਹਨ ਕਿ ਮੈਂ ਚਾਹ ਬਿਲਕੁਲ ਨਹੀਂ ਪੀਂਦਾ। ਇਸਤ੍ਰੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਮੈਂ ਕਾਮਦੇਵ ਤੋਂ ਹਾਰ ਚੁਕੀ ਹਾਂ। ਤੁਹਾਡੇ ਰੂਪ ਅਤੇ ਵਿਅਕਤਿਤ੍ਵ ਸਾਹਮਣੇ ਵਿਕ ਚੁਕੀ ਹਾਂ। ਤੁਸੀਂ ਮੇਰੇ ਨਾਲ ਕਾਮੁਕ ਸੰਬੰਧ ਬਣਾਓ, ਮੈਂ ਤਾਂ ਹੀ ਬਚ ਸਕਦੀ ਹਾਂ। ਰਾਜਾ ਸਮਝਾਉਂਦਾ ਹੈ ਕਿ ਅਜਿਹਾ ਸੋਚਣਾ ਵੀ ਪਾਪ ਹੈ। ਤੂੰ ਮੇਰੀ ਸਿਖ ਹੈਂ ਅਤੇ ਸਿਖ ਨਾਲ ਗੁਰੂ ਦੇ ਅਜਿਹੇ ਸੰਬੰਧ ਅਯੋਗ ਹਨ, ਨਰਕ ਵਿਚ ਲਿਜਾਣ ਵਾਲੇ ਹਨ। ਪਰ ਉਹ ਇਸਤ੍ਰੀ ਆਪਣੇ ਹਠ ਉਤੇ ਅੜੀ, ਹਰ ਪ੍ਰਕਾਰ ਦੀਆਂ ਯੁਕਤੀਆਂ ਨਾਲ ਆਪਣੀ ਵਾਸ਼ਨਾ-ਤ੍ਰਿਪਤੀ ਨੂੰ ਯੋਗ ਠਹਿਰਾਉਂਦੀ, ਬੇਨਤੀਆਂ ਕਰਦੀ ਹੈ। ਜਿਤਨੇ ਬਲਸਾਲੀ ਸ਼ਬਦਾਂ ਵਿਚ ਉਹ ਆਪਣੀ ਕਾਮ-ਆਤੁਰਤਾ ਦੀ ਉਚਿਤਤਾ ਦਸ ਕੇ ਇਸ ਦੀ ਪੂਰਤੀ ਲਈ ਬੇਨਤੀਆਂ ਕਰਦੀ ਹੈ, ਰਾਜਾ ਉਸ ਤੋਂ ਕਿਤੇ ਵਧੀਕ ਬਲਸ਼ਾਲੀ ਸ਼ਬਦਾਂ ਵਿਚ ਅਜਿਹੇ ਅਯੋਗ ਸੰਬੰਧਾਂ ਦੀ ਨਿੰਦਾ ਕਰਦਾ ਹੈ। ਇਕ ਪਾਸੇ ਉਹ ਆਪਣੇ ਮਨ ਹੀ ਮਨ ਇਸ ਸੰਕਲਪ ਨੂੰ ਦ੍ਰਿੜ੍ਹ ਕਰਦਾ ਹੈ ਕਿ ਅਜਿਹੇ ਅਯੋਗ ਸੰਬੰਧ ਉਹ ਕਦੇ ਨਹੀਂ ਬਣਾਏਗਾ, ਦੂਜੇ ਪਾਸੇ ਉਸ ਇਸਤ੍ਰੀ ਦੀ ਹਰ ਯੁਕਤੀ ਨੂੰ ਅਨੁਚਿਤ ਦਰਸਾਉਂਦਿਆਂ ਪੂਰੀ ਮਾਨਵਤਾ ਨੂੰ ਅਜਿਹੇ ਸੰਬੰਧ ਬਣਾਉਣ ਤੋਂ ਵਰਜਿਤ ਕਰਦਾ ਹੈ। ਰਾਜੇ ਨੇ ਕਾਮੁਕ ਸੰਬੰਧਾਂ ਤੋਂ ਬਚਣ ਦੀ ਜੋ ਉਤਕ੍ਰਿਸ਼ਟ ਪ੍ਰੇਰਨਾ ਇਸ ਕਥਾ ਵਿਚ ਦਿਤੀ ਹੈ, ਉਹ ਸ਼ਾਇਦ ਹੀ ਕਿਸੇ ਹੋਰ ਸਾਹਿਤਿਕ ਜਾਂ ਅਧਿਆਤਮਕ ਗ੍ਰੰਥ ਵਿਚ ਮਿਲ ਸਕੇ। ਰਾਜੇ ਅਤੇ ਅਨੂਪ ਕੌਰ ਦੇ ਵਾਰਤਾਲਾਪ ਦੇ ਕੀਮਤੀ ਅੰਸ਼ ਮੈਂ ਮਗਰੋਂ ਪ੍ਰਸਤੁਤ ਕਰਾਂਗਾ।


ਰਾਜੇ ਦਾ ਹਠ ਵੇਖ ਕੇ ਉਸ ਇਸਤ੍ਰੀ ਨੇ ਡਰਾਉਣ ਵਾਸਤੇ ਚੋਰ-ਚੋਰ ਕਹਿ ਕੇ ਸ਼ੋਰ ਮਚਾਇਆ। ਉਸ ਇਸਤ੍ਰੀ ਦੇ ਸੇਵਕ ਅਤੇ ਆਸ-ਪਾਸ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਨੇ ਰਾਜੇ ਨੂੰ ਚਾਰੇ ਪਾਸਿਓਂ ਘੇਰ ਲਿਆ। ਉਨ੍ਹਾਂ ਵਿਚੋਂ ਕੁਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ “ਤੈਨੂੰ  ਭਜਣ ਨਹੀਂ ਦੇਵਾਂਗੇ।” ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੇ ਸਿਰ ਉਤੋਂ ਪਗੜੀ ਲਾਹ ਦਿਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ। ਲੋਕਾਂ ਨੇ ਉਸ ਨੂੰ ਚੋਰ ਜਾਣ ਕੇ ਪਕੜ ਲਿਆ ਅਤੇ ਮਾਰ-ਕੁਟਾਈ ਕਰ ਕੇ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ, ਜਿਨ੍ਹਾਂ ਉਸ ਨੂੰ ਜੇਲ੍ਹ ਭੇਜ ਦਿਤਾ। ਸਵੇਰੇ ਅਨੂਪ ਕੌਰ ਨੇ ਇਕ ਹੋਰ ਚਾਲ ਚਲੀ। ਉਸ ਨੇ ਰਾਜੇ ਦੀ ਜੁਤੀ ਅਤੇ ਵਿਸ਼ੇਸ਼ ਚੋਲਾ ਵਿਖਾ ਕੇ ਲੋਕਾਂ ਨੂੰ ਕਹਿ ਦਿਤਾ ਕਿ ਅਸਲ ਵਿਚ ਰਾਜਾ ਹੀ ਮੇਰੇ ਘਰ ਚੋਰੀ ਕਰਨ ਆਇਆ ਸੀ, ਮੇਰਾ ਭਰਾ ਨਿਰਦੋਸ਼ ਹੈ। ਪਰ ਰਾਜੇ ਨੇ ਉਸ ਦੀ ਇਸ ਮਕਾਰੀ ਦਾ ਜਵਾਬ ਦੇਣ ਵਾਸਤੇ ਆਪਣੇ ਸਿਖ-ਸੇਵਕਾਂ ਨੂੰ ਕਿਹਾ ਕਿ ਸਾਡੀ ਜੁਤੀ ਅਤੇ ਵਿਸ਼ੇਸ਼ ਚੋਲਾ ਕਿਸੇ ਨੇ ਚੁਰਾ ਲਿਆ ਹੈ। ਸਿਖਾਂ ਨੇ ਅਨੂਪ ਕੌਰ ਨੂੰ ਪਕੜ ਕੇ ਰਾਜੇ ਦੇ ਦਰਬਾਰ ਵਿਚ ਪੇਸ਼ ਕੀਤਾ। ਰਾਏ ਨੇ ਆਪਣੇ ਸਿਖਾਂ ਨੂੰ ਨਸੀਹਤ ਦਿਤੀ ਕਿ ਉਸ ਇਸਤ੍ਰੀ ਨਾਲ ਦੁਰ-ਵਿਵਹਾਰ ਬਿਲਕੁਲ ਨਹੀਂ ਕਰਨਾ।


ਇਸਤ੍ਰੀ ਨੂੰ ਰਾਜੇ ਦੇ ਦਰਬਾਰ ਵਿਚ ਪੇਸ਼ ਕੀਤਾ, ਤਾਂ ਉਸ ਦੀਆਂ ਅਖਾਂ ਨੀਵੀਆਂ ਹੋ ਗਈਆਂ। ਉਹ ਬਹੁਤ ਸ਼ਰਮਸਾਰ ਹੋਈ। ਰਾਏ ਨੇ ਸਿਖਾਂ ਨੂੰ ਕਿਹਾ ‘ਇਸ ਨੂੰ ਕੁਝ ਨਹੀਂ ਕਹਿਣਾ। ਕੇਵਲ ਇਸ ਦੇ ਘਰ ਵਿਚ ਹੀ ਇਸ ਨੂੰ ਨਜ਼ਰਬੰਦ ਕਰ ਦਿਓ। ਅਸੀਂ ਇਸ ਨੂੰ ਫਿਰ ਕਿਸੇ ਵਿਹਲੇ ਸਮੇਂ ਬੁਲਾ ਕੇ ਗਲ ਕਰਾਂਗੇ।’ ਅਗਲੀ ਸਵੇਰ ਇਸਤ੍ਰੀ ਨੂੰ ਬੁਲਾ ਕੇ ਰਾਏ ਨੇ ਕਿਹਾ ਤੂੰ ਕਾਮ-ਵਸ ਹੋ ਕੇ ਸਾਡੇ ਉਤੇ ਚਰਿਤ੍ਰ ਕੀਤਾ ਸੀ, ਇਸ ਲਈ ਸਾਨੂੰ ਵੀ ਚਰਿਤ੍ਰ ਕਰਨਾ ਪਿਆ। ਉਸ ਇਸਤ੍ਰੀ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਅਗੇ ਤੋਂ ਕਦੇ ਵੀ ਉਹ ਅਜਿਹੀ ਗੱਲ ਆਪਣੇ ਮਨ ਵਿਚ ਨਹੀਂ ਲਿਆਵੇਗੀ। ਉਸ ਦਾ ਦੋਸ਼ ਮੁਆਫ਼ ਕਰ ਦਿਤਾ ਜਾਵੇ। ਰਾਏ ਨੇ ਉਸ ਦੇ ਭਰਾ ਨੂੰ ਰਿਹਾ ਕਰਵਾ ਦਿਤਾ ਅਤੇ ਅਨੂਪ ਕੌਰ ਦੇ ਵਲ-ਛਲ ਤੋਂ ਬਚਾਓ ਹਿਤ ਜੋ ਕੌਤੁਕ ਕੀਤਾ, ਉਸ ਲਈ ਖਿਮਾ ਵੀ ਮੰਗੀ। ਅਨੂਪ ਕੌਰ ਰਾਜੇ ਦੀ ਸਿਖ ਹੋ ਗਈ ਅਤੇ ਰਾਜੇ ਵਲੋਂ ਉਸ ਦੇ ਗ਼ੁਜ਼ਰਾਨ ਵਾਸਤੇ ਹਰ ਛੇ ਮਹੀਨਿਆਂ ਬਾਅਦ ਵੀਹ ਹਜ਼ਾਰ ਟਕੇ ਦੇਣ ਦਾ ਪ੍ਰਬੰਧ ਕਰਵਾ ਦਿਤਾ। ਇਸ ਤੋਂ ਇਹ ਤਥ ਸਾਹਮਣੇ ਆਉਂਦਾ ਹੈ ਕਿ ਜੀਵਨ ਦਾ ਬਾਕੀ ਭਾਗ ਉਸ ਨੇ ਗੁਰੂ-ਚਰਨਾਂ ਵਿਚ ਰਹਿ ਕੇ ਸੇਵਾ-ਸਿਮਰਨ ਕਰਨ ਨੂੰ ਸਮਰਪਿਤ ਕਰ ਦਿਤਾ, ਨਹੀਂ ਤਾਂ ਧਨਵਾਨ ਦੀ ਪਤਨੀ ਹੋਣ ਕਰ ਕੇ ਉਸ ਨੂੰ ਕਿਸੇ ਗ਼ੁਜ਼ਾਰਾ-ਭੱਤੇ ਦੀ ਜ਼ਰੂਰਤ ਨਹੀਂ ਸੀ।


ਸਿਖ ਇਤਿਹਾਸਕਾਰ ਇਸ ਕਥਾ ਨੂੰ ਸਿਖਿਆਦਾਇਕ ਕਾਲਪਨਿਕ ਕਥਾ ਨਹੀਂ ਮੰਨਦੇ, ਬਲਕਿ ਅਨੂਪ ਕੌਰ ਨੂੰ ਇਕ ਇਤਿਹਾਸਿਕ ਇਸਤ੍ਰੀ ਮੰਨਦੇ ਹਨ, ਜੋ ਉਕਤ ਘਟਨਾ ਤੋਂ ਬਾਅਦ ਗੁਰੂ ਜੀ ਦੀ ਸਚੀ-ਸੁਚੀ ਸੇਵਿਕਾ ਬਣ ਗਈ। ਸ਼ੇਰ ਮੁਹੰਮਦ ਖਾਂ ਮਲੇਰਕੋਟਲੀਏ ਨੇ ਜਦੋਂ ਉਸ ਦੀ ਪੱਤ ਲੁਟਣ ਦਾ ਯਤਨ ਕੀਤਾ, ਤਾਂ ਉਸ ਨੇ ਪ੍ਰਾਣ ਤਿਆਗ ਦਿਤੇ। ਸ਼ੇਰ ਮੁਹੰਮਦ ਨੇ ਆਪਣ ਪਾਪ ਨੂੰ ਛਿਪਾਉਣ ਵਾਸਤੇ ਉਸ ਦੀ ਲਾਸ਼ ਨੂੰ ਕਬਰ ਵਿਚ ਦਫ਼ਨ ਕਰ ਦਿਤਾ। ਬਾਬਾ ਬੰਦਾ ਸਿੰਘ ਦੇ ਮਲੇਰਕੋਟਲੇ ਉਤੇ ਹਮਲੇ ਸਮੇਂ, ਉਸ ਦਾ ਸਰੀਰ ਕਬਰ ਵਿਚੋਂ ਕਢਿਆ ਗਿਆ ਅਤੇ ਉਸ ਦਾ ਸਿਖ ਰੀਤੀਆਂ ਅਨੁਸਾਰ ਸੰਸਕਾਰ ਕੀਤਾ। ਚਰਚਿਤ ਤਿੰਨ ਚਰਿਤ੍ਰਾਂ ਵਿਚ ਅਨੂਪ ਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਦ ਕਾਮੁਕ-ਉਤੇਜਨਾ ਦੇ ਵਰਣਨ ਅਤੇ ਕਾਮ-ਮੁਕਤੀ ਪ੍ਰਾਪਤ ਕਰਨ ਲਈ ਉਚਤਮ ਪ੍ਰੇਰਨਾ ਪਖੋਂ ਇਕ ਅਤਿ-ਉਤਮ ਅਮ੍ਰਿਤ ਹੈ। ਜੇ ਸਿਖ ਫ਼ਜ਼ੂਲ ਦੇ ਝਗੜੇ ਛਡ ਕੇ ਇਸ ਕਥਾ ਵਿਚਲੇ ਸੰਵਾਦ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿਚ ਪਹੁੰਚਾ ਸਕਦੇ, ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਵਿਚ ਅਭੂਤਪੂਰਵ ਵਾਧਾ ਹੋਣਾ ਸੀ। ਕਾਮ ਤੋਂ ਜਨਮੇ ਅਪਰਾਧਾਂ ਤੋਂ ਮਾਨਵ-ਸਮਾਜ ਨੂੰ ਮੁਕਤ ਕਰਨ ਵਾਸਤੇ ਇਸ ਤੋਂ ਚੰਗੇਰੀ ਰਚਨਾ ਲਭਣੀ ਮੁਸ਼ਕਿਲ ਹੈ। ਅਸੀਂ ਪਾਠਕਾਂ ਦੀ ਜਾਣਕਾਰੀ ਵਾਸਤੇ ਇਸ ਸੰਵਾਦ ਦੇ ਕੁਝ ਮਹਤਵਪੂਰਨ ਅੰਸ਼ ਪ੍ਰਸਤੁਤ ਕਰਦੇ ਹਾਂ। ਕਿਸੇ ਪੰਕਤੀ ਦੇ ਭਾਵ ਵਿਚ ਅਸਾਂ ਰਤਾ ਵੀ ਪਰਿਵਰਤਨ ਨਹੀਂ ਕੀਤਾ, ਹਾਂ ਇਸ ਨੂੰ ਸਿਧਾ-ਸਿਧਾ ਅਨੁਵਾਦ ਭਾਵੇਂ ਨਾ ਮੰਨਿਆ ਜਾਵੇ-


ਅਨੂਪ ਕੌਰ : ਮੈਂ ਸ਼ਿਵ ਦੇ ਵੈਰੀ ਕਾਮਦੇਵ ਤੋਂ ਪੀੜਿਤ ਹਾਂ। ਤੁਹਾਡੇ ਤੋਂ ਵਿਕ ਚੁਕੀ ਹਾਂ। ਮੇਰੇ ਨਾਲ ਕਾਮ-ਭੋਗ ਕਰੋ। ਪੂਜਣਯੋਗ ਹੋ ਗਏ ਤਾਂ ਕੀ ਹੋਇਆ ? ਧਨਵਾਨ (ਗੁਣਵੰਤ) ਹੋ, ਤਾਂ ਨਿਰਧਨਾਂ (ਔਗੁਣਵੰਤਿਆਂ) ਨੂੰ ਕਿਉਂ ਸਤਾਉਂਦੇ ਹੋ ? ਇਹ ਠੀਕ ਹੈ, ਤੁਸੀਂ ਰੂਪਵੰਤ ਹੋ, ਪਰ ਅਭਿਮਾਨ ਕਿਉਂ ਕਰਦੇ ਹੋ ? ਧਨ, ਜੋਬਨ ਆਖ਼ਿਰ ਚਾਰ ਦਿਨਾਂ ਦਾ ਪ੍ਰਾਹੁਣਾ ਹੈ।
ਗੁਰੂ ਜੀ : ਧਰਮ-ਕਰਮ ਨਾਲ ਪਵਿਤ੍ਰ ਜੀਵਨ ਮਿਲਦਾ ਹੈ। ਧਰਮ ਤੋਂ ਹੀ ਸੁੰਦਰਤਾ ਮਿਲਦੀ ਹੈ। ਧਨ-ਧਾਮ ਧਰਮ ਤੋਂ ਮਿਲਦੇ ਹਨ। ਧਰਮ ਹੀ ਰਾਜ ਦੀ ਸ਼ੋਭਾ ਹੈ। ਤੇਰਾ ਕਿਹਾ ਮੰਨ ਕੇ ਧਰਮ ਦਾ ਤਿਆਗ ਕਿਉਂ ਕਰਾਂ ? ਕਿਉਂ ਇਸ ਪਵਿਤ੍ਰ ਕਾਇਆ ਨੂੰ (ਕਾਮ ਦੇ) ਨਰਕ ਵਿਚ ਸੁਟਾਂ। ਤੇਰਾ ਕਿਹਾ ਮੰਨ ਕੇ ਕਦੇ ਕਾਮ-ਭੋਗ ਨਹੀਂ ਕਰਾਂਗਾ। ਮੈਂ ਆਪਣੀ ਕੁਲ ਨੂੰ ਕਿਉਂ ਦਾਗ਼ ਲਗਾਵਾਂ ? ਮੈਂ ਵਿਆਹੁਤਾ ਪਤਨੀ ਨੂੰ ਤਿਆਗ ਕੇ ਤੇਰੇ ਨਾਲ ਕਦੇ ਵੀ ਭੋਗ ਨਹੀਂ ਕਰਾਂਗਾ। ਭੋਗ-ਵਿਲਾਸ ਕਰ ਕੇ ਮੈਂ ਧਰਮਰਾਜ ਦੀ ਸਭਾ ਵਿਚ ਕਿਵੇਂ ਸ਼ੋਭਾ ਪਾ ਸਕਾਂਗਾ ?
ਅਨੂਪ ਕੌਰ : ਕਾਮਤੁਰ ਇਸਤ੍ਰੀ ਜੇ ਮਰਦ ਕੋਲ ਜਾਵੇ। ਉਹ ਉਸ ਨੂੰ ਨਿਰਾਸ਼ ਜਾਣ ਦੇਵੇ, ਤਾਂ ਉਸ ਨੂੰ ਮਹਾਨ ਨਰਕ ਵਿਚ ਹੀ ਸੁਟਣਾ ਚਾਹੀਦਾ ਹੈ।
ਗੁਰੂ ਜੀ : ਤੂੰ ਹਮੇਸ਼ਾ ਮੇਰੇ ਪੈਰੀਂ ਪੈਂਦੀ ਹੈਂ, ਮੇਰੀ ਪੂਜਾ ਕਰਦੀ ਹੈਂ। ਮੇਰੇ ਨਾਲ ਭੋਗ ਕਰਦਿਆਂ ਤੈਨੂੰ ਸ਼ਰਮ ਨਹੀਂ ਆਵੇਗੀ।
ਅਨੂਪ ਕੌਰ : ਸ਼੍ਰੀ ਕ੍ਰਿਸ਼ਣ ਵੀ ਜਗਤ ਵਿਚ ਪੂਜੇ ਜਾਂਦੇ ਸਨ, ਫਿਰ ਵੀ ਰਾਸ-ਲੀਲਾ ਰਚਦੇ ਸਨ। ਰਾਧਾ ਨਾਲ ਭੋਗ ਕਰ ਕੇ, ਉਹ ਤਾਂ ਨਹੀਂ ਨਰਕ ਵਿਚ ਚਲੇ ਗਏ। ਰੱਬ ਨੇ ਇਨਸਾਨ ਦੀ ਦੇਹੀ ਪੰਜ ਤਤਾਂ ਤੋਂ ਬਣਾਈ ਹੈ। ਕਾਮ-ਭੋਗਣ ਨਾਲ ਕੀ ਫ਼ਰਕ ਪੈਂਦਾ ਹੈ ? ਇਸਤ੍ਰੀ-ਪੁਰੁਖ ਦੀ ਪ੍ਰੀਤ ਉਸੇ ਨੇ ਬਣਾਈ ਹੈ। ਮੇਰੇ ਸਰੀਰ ਵਿਚ ਕਾਮ-ਅਗਨੀ ਹੈ, ਉਸ ਨੂੰ ਤ੍ਰਿਪਤ ਕਰੋ। ਤੁਹਾਡੇ ਸੰਜੋਗ ਬਿਨਾ ਮੈਂ ਵਿਜੋਗ ਵਿਚ ਸੜ ਮਰਾਂਗੀ।
ਗੁਰੂ ਜੀ : ਹੇ ਜੋਬਨਵੰਤੀ ! ਮਨ ਵਿਚ ਧੀਰਜ ਕਰ, ਕਾਮਦੇਵ ਤੇਰਾ ਕੀ ਵਿਗਾੜੇਗਾ ? ਮਨ ਵਿਚ ਮਹਾ ਰੁਦ੍ਰ (ਪ੍ਰਭੂ) ਦਾ ਧਿਆਨ ਕਰ, ਤੇਰਾ ਕਾਮ ਦਾ ਸੰਤਾਪ ਨਸ਼ਟ ਹੋ ਜਾਵੇਗਾ। ਮੈਂ ਆਪਣੀ ਧਰਮ-ਪਤਨੀ ਤਿਆਗ ਕੇ ਨਾ ਤੈਨੂੰ ਪ੍ਰਣਾਵਾਂਗਾ, ਨਾ ਤੇਰੇ ਨਾਲ ਪ੍ਰੀਤ ਸਹਿਤ ਭੋਗ ਕਰਾਂਗਾ। ਤੇਰਾ ਕਿਹਾ ਮੰਨ ਕੇ ਕਾਮ-ਭੋਗ ਕਿਉਂ ਕਰਾਂ ? ਕਿਉਂ ਨਰਕ ਵਿਚ ਜਾਵਾਂ ? ਮੈਂ ਧਰਮ ਦੇ ਵੈਰੀ ਕਾਮ ਨੂੰ ਕਦੇ ਗ੍ਰਹਿਣ ਨਹੀਂ ਕਰ ਸਕਦਾ। ਕਾਮ ਵਿਚ (ਦੁਨੀਆਂ ਅੰਦਰ) ਮੇਰੇ ਅਪਜਸ ਦੀ ਕਥਾ ਚਲ ਪਵੇਗੀ। ਮੈਂ ਲੋਕਾਂ ਨੂੰ ਮੂੰਹ ਕਿਵੇਂ ਵਿਖਾਵਾਂਗਾ ? ਧਰਮ ਰਾਜ ਨੂੰ ਜਵਾਬ ਕਿਵੇਂ ਦੇਵਾਂਗਾ ? ਹੇ ਸੁੰਦਰੀ ! ਮੇਰੇ ਨਾਲ ਇਸ਼ਕ ਦੇ ਵਿਚਾਰ ਛਡ ਦੇ। ਜੋ ਤੂੰ ਕਹਿ ਦਿਤਾ ਸੋ ਕਹਿ ਦਿਤਾ, ਫਿਰ ਅਜਿਹਾ ਕਹਿਣ ਦਾ ਕਦੇ ਸਾਹਸ ਨਾ ਕਰਨਾ।
ਅਨੂਪ ਕੌਰ : ਹੇ ਪ੍ਰੀਤਮ ! ਮੇਰੇ ਨਾਲ ਭੋਗ ਕਰ ਕੇ ਨਰਕ ਵਿਚ ਨਹੀਂ ਜਾਓਗੇ। ਤੁਸੀਂ ਮਨ ਵਿਚੋਂ ਇਹ ਡਰ ਤਿਆਗ ਦਿਓ। ਲੋਕ ਤੁਹਾਡੀ ਨਿੰਦਾ ਨਹੀਂ ਕਰ ਸਕਦੇ, ਉਹ ਤੁਹਾਡੇ ਤੋਂ ਡਰਦੇ ਹਨ। ਫਿਰ ਜੇ ਕਿਸੇ ਨੂੰ ਪਤਾ ਲਗੇਗਾ, ਤਾਂ ਹੀ ਨਿੰਦਾ ਕਰੇਗਾ। ਜੇ ਕੋਈ ਜਾਣ ਵੀ ਲਵੇ, ਤੁਹਾਡੇ ਤੋਂ ਡਰ ਕੇ ਚੁਪ ਰਹੇਗਾ। ਭੋਗ ਨਾ ਕਰੋਗੇ, ਤਾਂ ਲੱਤ ਹੇਠੋਂ ਨਿਕਲਣਾ ਹੋਵੇਗਾ।
ਗੁਰੂ ਜੀ : ਲੱਤਾਂ ਹੇਠੋਂ ਉਹ ਨਿਕਲੇਗਾ, ਜੋ ਕਾਮ ਦੇ ਅਸਮਰਥ ਹੋਵੇ। ਨਪੁੰਸਕ ਹੋਵੇ। ਮੈਂ ਧਰਮ ਦਾ ਬੰਨ੍ਹਿਆ, ਲੋਕ ਮਰਯਾਦਾ ਦਾ ਬੰਨ੍ਹਿਆ ਕਾਮ-ਭੋਗ ਤੋਂ ਨਿਰਲਿਪਤ ਰਹਿੰਦਾ ਹਾਂ। ਕਿਸੇ ਸਰੀਰਿਕ ਹੀਣਤਾ ਕਾਰਨ ਨਹੀਂ॥
ਅਨੂਪ ਕੌਰ : ਤੁਸੀਂ ਅਨੇਕ ਯਤਨ ਕਰ ਕੇ ਵੀ ਇਥੋਂ ਭੋਗ-ਵਿਲਾਸ ਕੀਤੇ ਬਿਨਾ ਜਾ ਨਹੀਂ ਸਕਦੇ। ਅਜ ਰਾਤ ਕਾਮ-ਕ੍ਰੀੜਾ ਕਰਨੀ ਹੋਵੇਗੀ। ਤੁਹਾਡੇ ਲਈ ਮੈਂ ਕਾਸ਼ੀ ਵਿਚ ਆਰੇ ਨਾਲ ਚੀਰੇ ਜਾਣ ਵਾਸਤੇ ਤਿਆਰ ਹਾਂ। ਧਰਮਰਾਜ ਦੀ ਸਭਾ ਵਿਚ ਡਟ ਕੇ ਉਤਰ ਦੇ ਸਕਦੀ ਹਾਂ। ਅਜ ਦੀ ਰਾਤ ਮੈਂ ਰੁਚੀ ਪੂਰਵਕ ਤੁਹਾਡੇ ਨਾਲ ਕਾਮ-ਆਨੰਦ ਮਾਣਾਂਗੀ। ਤੁਹਾਡੇ ਸੰਜੋਗ ਨਾਲ ਮੈਂ ਅਜ ਸ਼ਿਵ ਦੇ ਵੈਰੀ ਕਾਮਦੇਵ ਦਾ ਅਹੰਕਾਰ ਤੋੜ ਦੇਵਾਂਗੀ।
ਗੁਰੂ ਜੀ : ਪਹਿਲਾਂ ਤਾਂ ਅਕਾਲ-ਪੁਰੁਖ ਨੇ ਮੈਨੂੰ ਖਤਰੀਆਂ ਦੀ ਸ਼੍ਰੇਸ਼ਠ ਕੁਲ ਵਿਚ ਪੈਦਾ ਕੀਤਾ ਹੈ। ਫਿਰ (ਗੁਰੁਗਦੀ ਤੇ ਵਿਰਾਜਮਾਨ ਕਰ ਕੇ) ਸਾਡੀ ਕੁਲ ਨੂੰ ਜਗਤ ਵਿਚ ਸਨਮਾਨ ਦਿਤਾ ਹੈ। ਮੈਂ ਸਾਰਿਆਂ ਵਿਚ ਬੈਠ ਕੇ ਪੂਜਣਯੋਗ ਅਖਵਾਉਂਦਾ ਹਾਂ। ਤੇਰੇ ਨਾਲ ਕਾਮਭੋਗ ਕੇ ਨੀਚ ਕੁਲ ਵਿਚ ਜਾਵਾਂਗਾ।
ਅਨੂਪ ਕੌਰ : ਜਨਮ ਦੀ ਕੀ ਗੱਲ ਹੈ ? ਜਨਮ ਤਾਂ ਤੁਹਾਡੇ ਹੀ ਅਧੀਨ ਹਨ। ਜੇ ਅਜ ਮੇਰਾ ਸੰਗ ਨਾ ਕਰੋਗੇ, ਤਾਂ ਮੈਂ ਆਪਣੀ ਬਦਨਸੀਬੀ ਸਮਝਾਂਗੀ। ਤੁਹਾਡੇ ਵਿਜੋਗ ਵਿਚ ਸੜ ਮਰਾਂਗੀ, ਜ਼ਹਿਰ ਪੀ ਲਵਾਂਗੀ। ਮੇਰੇ ਨਾਲ ਸੰਜੋਗ ਕਰੋ, ਤਾਂ ਕਿ ਦਿਲ ਦਾ ਰੋਗ ਦੂਰ ਹੋਵੇ। ਤੁਹਾਡਾ ਸੰਗ ਨਹੀਂ ਮਿਲ ਰਿਹਾ, ਮੇਰੀ ਕਾਮ-ਅਗਨੀ ਭੜਕ ਰਹੀ ਹੈ।
ਗੁਰੂ ਜੀ : ਭਾਂਵੇਂ ਤੂੰ ਕਿਤਨੀ ਕਾਮਾਤੁਰ ਹੋ ਜਾਵੇਂ ? ਮੈਂ ਇਹ ਪਾਪ ਨਹੀਂ ਕਰਾਂਗਾ।
ਅਨੂਪ ਕੌਰ : ਪਰਮੇਸ਼ਰ ਨੇ ਤੁਹਾਨੂੰ ਜਵਾਨੀ ਦਿਤੀ ਹੈ। ਮੈਂ ਵੀ ਜਵਾਨ ਹਾਂ। ਤੁਹਾਡੀ ਜਵਾਨੀ ਅਤੇ ਸੁੰਦਰਤਾ ਨੇ ਮਨ ਵਿਚ ਅਗ ਲਾ ਦਿਤੀ ਹੈ। ਸਭ ਸ਼ੰਕੇ ਛਡ ਕੇ ਮੇਰਾ ਸੰਗ ਮਾਣੋ।
ਗੁਰੂ ਜੀ : ਜੋ ਸੁੰਦਰੀ ਮੈਨੂੰ ਪੂਜਣਯੋਗ ਮੰਨ ਕੇ ਮੇਰੇ ਦਰਬਾਰ ਵਿਚ ਆਉਂਦੀ ਹੈ, ਉਹ ਮੇਰੀ ਪੁਤਰੀ ਸਮਾਨ ਹੈ। ਕਾਮ-ਅੰਧ ਇਸਤ੍ਰੀ ਦੀ ਪ੍ਰੀਤ ਝੂਠੀ ਹੈ, ਕਦੇ ਓੜਕ ਨਹੀਂ ਨਿਭਦੀ। ਇਕ ਮਰਦ ਛਡਿਆ, ਦੂਜਾ ਗ੍ਰਹਿਣ ਕਰ ਲਿਆ। ਇਹ ਕਾਹਦੀ ਪ੍ਰੀਤ ਹੈ, ਕੇਵਲ ਨੰਗਾ ਸਰੀਰ ਦੂਜੇ ਦੇ ਹਵਾਲੇ ਕਰਨ ਵਾਲਾ ਕਰਮ ਹੈ।
ਅਨੂਪ ਕੌਰ : ਕੀ ਕਰਾਂ ? ਕਾਮ ਤੋਂ ਕਿਵੇਂ ਬਚਾਂ ? ਮਨ ਸ਼ਾਂਤ ਨਹੀਂ ਹੁੰਦਾ। ਤੈਨੂੰ ਮਾਰ ਕੇ ਕਿਵੇਂ ਜੀਵਾਂ ? ਤੇਰੇ ਬੋਲ ਬਹੁਤ ਰਸੀਲੇ ਲਗਦੇ ਹਨ।
ਗੁਰੂ ਜੀ : ਹੇ ਇਸਤ੍ਰੀ ! ਤੇਰਾ ਰੂਪ ਧੰਨ ਹੈ। ਤੇਰੇ ਜਨਮ-ਦਾਤੇ ਧੰਨ ਹਨ। ਤੇਰਾ ਦੇਸ਼ ਧੰਨ ਹੈ। ਧੰਨ ਹੈ ਉਹ, ਜਿਸ ਨੇ ਤੇਰੀ ਪਾਲਣਾ ਕੀਤੀ। ਤੇਰਾ ਮੁਖੜਾ ਧੰਨ ਹੈ, ਜਿਸ ਦੀ ਸ਼ੋਭਾ ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮਦੇਵ ਦਾ ਅਹੰਕਾਰ ਚੂਰ ਹੋ ਜਾਂਦਾ ਹੈ। ਤੇਰਾ ਸੁੰਦਰ ਸਰੀਰ ਸੌਭਾਗਸ਼ਾਲੀ ਹੈ। ਤੇਰੇ ਸੋਹਣੇ ਚੰਚਲ ਨੈਣ ਸਜੀਲੇ ਹਨ। ਇਹ ਪੰਛੀਆਂ, ਹਿਰਣਾਂ, ਯਕਸ਼ਾਂ, ਸਪਾਂ, ਦੈਤਾਂ, ਦੇਵਤਿਆਂ, ਮੁਨੀਆਂ ਅਤੇ ਪੁਰਖਾਂ ਦਾ ਮਨ ਮੋਹ ਲੈਂਦੇ ਹਨ। ਸ਼ਿਵ ਅਤੇ ਬ੍ਰਹਮਾ ਦੇ ਚਾਰ ਪੁਤਰ ਤੇਰੇ ਨੈਣਾਂ ਨੂੰ ਵੇਖ ਕੇ ਥਕ ਗਏ ਹਨ। ਪਰ ਮੈਂ ਹੈਰਾਨ ਹਾਂ ਕਿ ਮੇਰੇ ਹਿਰਦੇ ਵਿਚ ਨਹੀਂ ਚੁਭਦੇ।
ਅਨੂਪ ਕੌਰ : ਮੈਂ ਤੁਹਾਡੇ ਨਾਲ ਬਿਸਤਰ ਉਤੇ ਲੇਟ ਕੇ ਵੀ ਕਿਸੇ ਨੂੰ ਕੁਝ ਨਹੀਂ ਦਸਾਂਗੀ। ਕਾਮ-ਲਿਪਤ ਹੋਇਆਂ ਸਾਰੀ ਰਾਤ ਇਉਂ ਪਲਾਂ ਵਿਚ ਗ਼ੁਜ਼ਰ ਜਾਵੇਗੀ। ਇਸ ਭੋਗ ਦਾ ਸਵਾਦ ਇਤਨਾ ਵੀ ਫਿਕਾ ਨਹੀਂ ਹੁੰਦਾ। ਹੇ ਸਜਣੀ ! ਜਾਗਣ ਤੇ ਲਾਜ ਲਗਦੀ ਹੈ। ਜਾਗਣ ਨਾਲੋਂ ਬਸ ਅਜਿਹਾ ਸੌਣ ਹੀ ਚੰਗਾ ਹੈ। ਅਜ ਜਾਂ ਤੁਹਾਡਾ ਸੰਗ ਮਾਣਾਂਗੀ, ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ।
ਗੁਰੂ ਜੀ : ਤੇਰੇ ਨੈਣ ਤੀਰ ਵਰਗੇ ਹਨ, ਪਰ ਮੇਰਾ ਕਵਚ ਹਯਾ ਹੈ। ਤੇਰੇ ਨੈਣ ਬਹੁਤ ਸਜੇ ਹਨ। ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ। ਪਰ ਇਹ ਤੀਰ ਮੇਰੇ ਦਿਲ ਵਿਚ ਨਹੀਂ ਖੁਭ ਸਕਦੇ। ਗਲਘੋਟੂ ਬੇਰਾਂ ਵਾਂਗ ਇਨ੍ਹਾਂ ਵਿਚ ਕੋਈ ਖਿਚ ਨਹੀਂ।
ਅਨੂਪ ਕੌਰ : ਤੁਹਾਡੇ ਤੋਂ ਤਾਂ ਬੇਰੀ ਹੀ ਧੰਨ ਹੈ। ਰਾਹੀਆਂ ਨੂੰ ਬੇਰ ਖੁਆ ਕੇ ਘਰ ਜਾਣ ਦੇਂਦੀ ਹੈ।
ਗੁਰੂ ਜੀ : ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਮੇਰੇ ਗੁਰੁਦੇਵ ਪਿਤਾ ਨੇ ਇਕੋ ਪ੍ਰਤਿਗਿਆ ਦ੍ਰਿੜ੍ਹ ਕਰਵਾਈ ਹੈ ਕਿ ਜਦੋਂ ਤਕ ਸਰੀਰ ਵਿਚ ਪ੍ਰਾਣ ਹਨ, ਆਪਣੀ ਇਸਤ੍ਰੀ ਨਾਲ ਪ੍ਰੀਤ ਵਧਾਉਂਦੇ ਰਹਿਣਾ, ਪਰ ਪਰਾਈ ਨਾਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਨਾ ਜਾਣਾ। ਪਰਨਾਰੀ ਦੇ ਸੰਜੋਗ ਕਾਰਨ ਇੰਦ੍ਰ ਸਹਸ-ਭਗਾਂ ਦੇ ਨਿਸ਼ਾਨ ਨਾਲ ਕੁਰੂਪ ਹੋਇਆ। ਪਰਨਾਰੀ ਦੇ ਸੰਗ ਕਾਰਨ ਚੰਦ੍ਰਮਾ ਕਲੰਕਿਤ ਹੋਇਆ। ਪਰਨਾਰੀ ਕਾਰਨ ਰਾਵਣ ਮਾਰਿਆ ਗਿਆ। ਪਰਨਾਰੀ ਕਾਰਨ ਕੌਰਵਾਂ ਦੀ ਵਿਸ਼ਾਲ ਸੈਨਾ ਨਸ਼ਟ ਹੋ ਗਈ। ਪਰਨਾਰੀ ਦੀ ਪ੍ਰੀਤ ਤਿਖੀ ਛੁਰੀ ਸਮਝੋ। ਪਰਨਾਰੀ ਦਾ ਸੰਗ ਸਰੀਰਿਕ ਮੌਤ ਸਮਝੋ। ਪਰਨਾਰੀ ਭੋਗਣ ਵਲਾ ਮਕਾਰ ਹੁੰਦਾ ਹੈ। ਉਹ ਚੰਡਾਲ ਹਥੋਂ ਕੁਤੇ ਦੀ ਮੌਤ ਮਰਦਾ ਹੈ। ਮੇਰੇ ਪਿਤਾ ਨੇ ਕਿਹਾ ਸੀ- ਹੇ ਬਾਲਕ ! ਸਾਡੇ ਕੋਲ ਦੂਰ ਦੇਸ਼ਾਂ ਤੋਂ ਨਾਰੀਆਂ ਆਉਂਦੀਆਂ ਹਨ। ਸਾਨੂੰ ਗੁਰੂ ਜਾਣ ਕੇ, ਸੀਸ ਝੁਕਾ ਕੇ ਮਨ-ਬਾਂਛਤ ਵਰਦਾਨ ਪਾਉਂਦੀਆਂ ਹਨ। ਤੂੰ ਹਮੇਸ਼ਾ ਸਿਖਾਂ ਨੂੰ ਪੁਤਰ ਅਤੇ ਇਸਤ੍ਰੀਆਂ ਨੂੰ ਪੁਤਰੀਆਂ ਸਮਝਣਾ। ਹੁਣ ਪਿਤਾ ਜੀ ਦੀ ਪੁਨੀਤ ਸਿਖਿਆ ਵਿਰੁਧ ਮੈਂ ਉਨ੍ਹਾਂ ਪੁਤਰੀਆਂ ਨਾਲ ਕਿਵੇਂ ਕਾਮਭੋਗ ਕਰ ਸਕਦਾ ਹਾਂ ?
ਅਨੂਪ ਕੌਰ : ਤੁਸੀਂ ਹਸਦੇ ਖੇਡਦੇ ਸੁਖ ਪੂਰਵਕ ਮੇਰੇ ਨਾਲ ਆਨੰਦੇ ਮਾਣੋ, ਕਿਉਂ ਅਜਾਈਂ ਰੋਸ ਕਰਦੇ ਹੋ ? ਕਿਉਂ ਫ਼ਜ਼ੂਲ ਵਿਚਾਰਾਂ ਵਿਚ ਪਏ ਹੋ ? ਮੇਰੀਆਂ ਅਖਾਂ ਨੀਵੀਆਂ ਹੋ ਗਈਆਂ ਹਨ ?  ਇਨ੍ਹਾਂ ਨੂੰ ਲੱਜਿਤ ਕਰ ਕੇ ਤੁਹਾਨੂੰ ਕੋਈ ਪਾਪ ਨਹੀਂ ਲਗੇਗਾ ?
ਗੁਰੂ ਜੀ : ਮੈਂ ਇਸੇ ਕਰ ਕੇ ਇਨ੍ਹਾਂ ਵਲ ਵੇਖਦਾ ਨਹੀਂ। ਕਿਤੇ ਵਿਜੋਗੇ ਨੈਣਾਂ ਵਿਚ ਮੇਰਾ ਵੀ ਚਿਤ ਨਾ ਲਗ ਜਾਵੇ ? ਮੇਰੇ ਸਿਖਿਆ ਭਰੇ ਬਚਨ ਸੁਣ ‘ਬ੍ਰਾਹਮਣਾਂ ਅਰਥਾਤ ਗ਼ਰੀਬਾਂ ਨੂੰ ਦਾਨ ਦਿਓ। ਦੁਸ਼ਟਾਂ ਨੂੰ ਤਾੜ ਕੇ ਰਖੋ। ਸੇਵਕ-ਸਿਖਾਂ ਨੂੰ ਸੁਖੀ ਰਖੋ, ਵੈਰੀਆਂ ਦੇ ਸਿਰ ਤੇ ਤਲਵਾਰ ਖੜਕਾਉਂਦੇ ਰਹੋ। ਲੋਕ-ਲਾਜ ਦਾ ਤਿਆਗ ਕਰ ਕੇ ਬੁਰੇ ਕੰਮ ਨਾ ਕਰੋ। ਪਰ ਨਾਰੀ ਦੀ ਸੇਜ ਭੁਲ ਕੇ ਸੁਪਨੇ ਵਿਚ ਨਾ ਜਾਓ।’ ਮੇਰੇ ਤੋਂ ਜਦੋਂ ਦਾ ਗੁਰੂ-ਪਿਤਾ ਜੀ ਨੇ ਪ੍ਰਣ ਲਿਆ ਹੈ, ਮੇਰੇ ਲਈ ਪਰਾਇਆ ਧਨ ਪਥਰ ਸਮਾਨ ਹੈ ਅਤੇ ਪਰਾਈ ਇਸਤ੍ਰੀ ਮਾਤਾ ਸਮਾਨ। (ਇਸ ਲੰਬੇ ਸੰਵਾਦ ਤੋਂ ਬਾਅਦ ਅਨੂਪ ਕੌਰ ਚੋਰ-ਚੋਰ ਦਾ ਸ਼ੋਰ ਮਚਾਉਂਦੀ ਹੈ ਅਤੇ ਗੁਰੂ ਜੀ ਚਤੁਰਾਈ ਨਾਲ ਸਾਰੀਆਂ ਸਥਿਤੀਆਂ ਨੂੰ ਭੇਦ ਕੇ ਉਥੋਂ ਚਲੇ ਜਾਂਦੇ ਹਨ)।

ਉਕਤ ਪਦਾਂ ਵਿਚ ਕਾਮਾਤੁਰ ਇਸਤ੍ਰੀ ਦਾ ਹਠ ਅਤੇ ਸਚੇ ਅਧਿਆਤਮਵਾਦੀ ਵਿਅਕਤੀ ਦੀ ਭੋਗ ਨਿਰਲਿਪਤਾ ਅਤਿ-ਉਤਮ ਰੀਤੀ ਨਾਲ ਰੂਪਮਾਨ ਹੋਏ ਹਨ। ਇਸ ਅਮ੍ਰਿਤ ਕਥਾ ਵਿਚ ਕੁਝ ਵੀ ਅਜਿਹਾ ਨਹੀਂ, ਜਿਸ ਨੂੰ ਅਸ਼ਲੀਲ ਕਿਹਾ ਜਾਵੇ ਜਾਂ ਗੁਰੂ ਜੀ ਦੇ ਵਿਅਕਤਿਤ੍ਵ ਨੂੰ ਛੁਟਿਆਉਣ ਵਾਲਾ ਹੋਵੇ। ਇਹ ਕਹਾਣੀ ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ। ਕਹਾਣੀ ਦਸਦੀ ਹੈ ਕਿ ਕਿਸੇ ਵੀ ਪ੍ਰਸਥਿਤੀ ਵਿਚ ਧਰਮ ਦਾ ਪਰਿਪਾਲਣ ਕਰਨ ਤੋਂ ਪਿਛੇ ਨਹੀਂ ਹਟਣਾ ਚਾਹੀਦਾ। ਗੁਰੂ ਜੀ ਕਿਸੇ ਮੰਤ੍ਰ ਸਿਖਣ ਦੀ ਅਭਿਲਾਸ਼ਾ ਵਾਸਤੇ ਅਨੂਪ ਕੌਰ ਕੋਲ ਨਹੀਂ ਸੀ ਗਏ, ਬਲਕਿ ਮੰਤ੍ਰ-ਜਾਪਾਂ ਵਿਚ ਲਗੇ ਹੋਣ ਦਾ ਢੋਂਗ ਕਰਨ ਵਾਲਿਆਂ ਦੀ ਅਸਲ ਤਸਵੀਰ ਉਜਾਗਰ ਕਰਨ ਅਤੇ ਕਾਮ ਦੇ ਭਿਆਨਕ ਸਾਗਰ ਵਿਚ ਡੁਬਦੀ ਜਾ ਰਹੀ ਇਕ ਸੇਵਿਕਾ ਨੂੰ ਕਾਮ-ਮੁਕਤ ਕਰਨ ਵਾਸਤੇ ਉਹ ਅਨੂਪ ਕੌਰ ਦੇ ਨਿਵਾਸ ‘ਤੇ ਪੁਜੇ ਸਨ। ਕਿਉਂਕਿ ਉਨ੍ਹਾਂ ਦੇ ਉਪਦੇਸ਼ਾਂ ਵਿਚ ਮੰਤ੍ਰ-ਜਾਪ ਕਰਨ ਵਾਲਿਆਂ ਨੂੰ ਘੁਗੂ, ਉਲੂ ਆਦਿ ਕਿਹਾ ਹੈ ਅਤੇ ਉਹ ਤੰਤ੍ਰ-ਮੰਤ੍ਰ ਵਿਚ ਵਿਸ਼ਵਾਸ ਕਰਨ ਵਾਲਿਆਂ ਤੋਂ, ਆਪਣੇ ਸਿਖਾਂ ਨੂੰ ਸਚੇਤ ਰਹਿਣ ਵਾਸਤੇ ਪ੍ਰੇਰਦੇ ਸਨ, ਇਸੇ ਲਈ ਉਹ ਆਪਣੇ ਸਾਧਾਰਨ ਲਿਬਾਸ ਵਿਚ ਅਨੂਪ ਕੌਰ ਦੇ ਗ੍ਰਿਹ ਵਿਖੇ ਨਹੀਂ ਗਏ, ਬਲਕਿ ਸਾਧੂ ਦੇ ਭੇਖ ਵਿਚ ਗਏ। ਇਸ ਚਰਿਤ੍ਰ ਦੇ ਆਰੰਭ ਵਿਚ ਕਿਹਾ ਹੈ ਕਿ ਰਾਜੇ ਚਿਤ੍ਰ ਸਿੰਘ ਨੇ ਮੰਤ੍ਰੀਆਂ ਨੂੰ ਕਿਹਾ ਕਿ ਉਹ ਚਤੁਰ ਨਰ-ਨਾਰੀਆਂ ਦੀਆਂ ਚਰਿਤ੍ਰ ਕਥਾਵਾਂ ਉਸ ਨੂੰ ਸੁਣਾਉਣ। ਇਸ ਵਾਕ ਤੋਂ ਸਪਸ਼ਟ ਹੈ ਕਿ ਇਹ ਕਥਾਵਾਂ ਔਰਤ ਦੀ ਤਸਵੀਰ ਵਿਗਾੜਨ ਵਾਲੀਆਂ ਨਹੀਂ, ਨਾ ਹੀ ਇਨ੍ਹਾਂ ਨੂੰ ਤ੍ਰਿਆ-ਚਰਿਤ੍ਰ ਕਹਿਣਾ ਉਚਿਤ ਹੈ। ਇਨ੍ਹਾਂ ਕਥਾਵਾਂ ਦਾ ਸੰਬੰਧ ਇਸਤ੍ਰੀ-ਪੁਰਖ ਦੋਹਾਂ ਨਾਲ ਹੈ। ਦੋਵੇਂ ਰਲ ਕੇ ਸਮਾਜ ਦੀ ਅਧੋਗਤੀ ਲਈ ਜ਼ਿਮੇਵਾਰ ਹਨ। ਦੋਹਾਂ ਦੇ ਸਹਿਯੋਗ ਨਾਲ ਸਮਾਜ ਦਾ ਉਥਾਨ ਹੋ ਸਕਦਾ ਹੈ। ਪਾਠਕਾਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਨੂੰ ਨਿਸ਼ਠਾ ਸਹਿਤ ਪੜ੍ਹ ਕੇ ਵਿਚਾਰਨ ਦਾ ਉਦਮ ਆਪ ਕਰਨ ਤਾਂ ਕਿ ਕੁਝ ਵਿਕ੍ਰਿਤ ਮਾਨਸਿਕਤਾ ਵਾਲੇ ਲੋਕ ਉਨ੍ਹਾਂ ਨੂੰ ਗੁਮਰਾਹ ਨਾ ਕਰ ਸਕਣ। ਗੁਮਰਾਹ ਕਰਨ ਵਾਲੇ ਇਹ ਲੋਕ ਕਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਬੰਧੀ ਵੀ ਅਜਿਹੇ ਹੀ ਸ਼ੰਕੇ ਪੈਦਾ ਕਰ ਸਕਦੇ ਹਨ।
Dr. Harbhajan Singh


Project Director/Head


Punjabi University Dr. Balbir Singh
Sahitya Kendra


Dehradun


Phones : 9997139539 (Dehradun),
9463362026 (Patiala)Posted by Kamaljeet Singh Shaheedsar on Friday, September 2. 2011 in Sri Dasam GranthAdd Comment

Submitted comments will be subject to moderation before being displayed.

Enclosing asterisks marks text as bold (*word*), underscore are made via _word_.
Standard emoticons like :-) and ;-) are converted to images.

To prevent automated Bots from commentspamming, please enter the string you see in the image below in the appropriate input box. Your comment will only be submitted if the strings match. Please ensure that your browser supports and accepts cookies, or your comment cannot be verified correctly.
CAPTCHA

Quicksearch

Search for an entry in Jatha Shaheedan:

Did not find what you were looking for? Post a comment for an entry or contact us via email!